ਖ਼ਬਰਾਂ

ਹੁਣ ਬੜਾ ਔਖਾ ਮਿਲੇਗਾ ਅਮਰੀਕੀ ਵੀਜ਼ਾ

04 Apr,2018


ਵਾਸ਼ਿੰਗਟਨ 4 ਅਪ੍ਰੈਲ 2018 : ਹੁਨਰਮੰਦ ਭਾਰਤੀ ਮਾਹਿਰਾਂ ’ਚ ਸਭ ਤੋਂ ਪਸੰਦੀਦਾ ਐਚ-1ਬੀ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਦਾ ਕੰਮ ਅੱਜ ਤੋਂ ਸ਼ੁਰੂ ਹੋ ਗਿਆ। ਇਸ ਵਾਰ ਟਰੰਪ ਪ੍ਰਸ਼ਾਸਨ ਪੂਰੀ ਸਖਤੀ ਵਰਤ ਰਿਹਾ ਹੈ। ਪੂਰੀ ਪੜਤਾਲ ਤੋਂ ਬਾਅਦ ਹੀ ਵੀਜ਼ਾ ਦਿੱਤਾ ਜਾਏਗਾ।

ਅਮਰੀਕੀ ਨਾਗਰਿਕਤਾ ਤੇ ਪਰਵਾਸ ਸੇਵਾਵਾਂ ਵਿਭਾਗ ਨੇ ਕਿਹਾ ਹੈ ਕਿ ਛੋਟੀ ਤੋਂ ਛੋਟੀ ਖਾਮੀ ਦੀ ਵੀ ਬਾਰੀਕੀ ਨਾਲ ਪੜਤਾਲ ਕੀਤੀ ਜਾਵੇਗੀ। ਇਸ ਲਈ ਇਸ ਵਾਰ ਵੀਜ਼ੇ ਰੱਦ ਹੋਣ ਦੀ ਦਰ ਪਹਿਲਾਂ ਨਾਲੋਂ ਕਿਤੇ ਵਧ ਰਹਿਣ ਦੀ ਸੰਭਾਵਨਾ ਹੈ।

ਹਰੇਕ ਵਿੱਤੀ ਵਰ੍ਹੇ ਦੌਰਾਨ 65 ਹਜ਼ਾਰ ਐਚ1-ਬੀ ਵੀਜ਼ੇ ਦਿੱਤੇ ਜਾਂਦੇ ਹਨ। ਜਿਹੜੇ ਲਾਭਪਾਤਰੀਆਂ ਕੋਲ ਅਮਰੀਕਾ ਦੀ ਮਾਸਟਰਜ਼ ਡਿਗਰੀ ਜਾਂ ਹੋਰ ਉਚੇਰੀ ਸਿੱਖਿਆ ਦੀ ਡਿਗਰੀ ਹੈ, ਉਨ੍ਹਾਂ ਨੂੰ ਪਹਿਲੀਆਂ 20 ਹਜ਼ਾਰ ਅਰਜ਼ੀਆਂ ਤਹਿਤ ਛੋਟ ਮਿਲੇਗੀ।

ਇਸ ਸਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ 2019 ਦੇ ਵਿੱਤੀ ਵਰ੍ਹੇ ਲਈ ਅਮਰੀਕੀ ਨਾਗਰਿਕਤਾ ਤੇ ਪਰਵਾਸ ਸੇਵਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਸਾਰੀਆਂ ਡੁਪਲੀਕੇਟ ਅਰਜ਼ੀਆਂ ਨੂੰ ਰੱਦ ਕੀਤਾ ਜਾਵੇਗਾ। ਪਿਛਲੇ ਕੁਝ ਸਾਲਾਂ ਤੋਂ ਕੰਪਨੀਆਂ ਵੱਲੋਂ ਡੁਪਲੀਕੇਟ ਅਰਜ਼ੀਆਂ ਦਾਖ਼ਲ ਕੀਤੀਆਂ ਜਾਂਦੀਆਂ ਸਨ ਜਿਸ ਨਾਲ ਲਾਟਰੀ ਪ੍ਰਣਾਲੀ ਰਾਹੀਂ ਅਰਜ਼ੀਕਾਰ ਦੇ ਮੌਕੇ ਵਧ ਜਾਂਦੇ ਸਨ।