ਖ਼ਬਰਾਂ

ਹਾਈਕੋਰਟ ਦਾ ਸਵਾਲ: ਰਾਮ ਰਹੀਮ ਦਾ ਚੇਲਾ ਅਦਿੱਤਿਆ ਵਿੱਕੀ ਗੌਂਡਰ ਤੋਂ ਵੀ ਵੱਡ ਮੁਲਜ਼ਮ?

04 Apr,2018


ਚੰਡੀਗੜ੍ਹ 4 ਅਪ੍ਰੈਲ 2018 : ਬਲਾਤਕਾਰੀ ਬਾਬਾ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇਣ ਮਗਰੋਂ ਪੰਚਕੂਲਾ ‘ਚ ਹੋਏ ਦੰਗਿਆਂ ‘ਚ ਹਰਿਆਣਾ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਨਾਕਾਫੀ ਦੱਸਿਆ ਹੈ। ਸਿਰਫ ਇਹੀ ਨਹੀਂ, ਹਾਈਕੋਰਟ ‘ਚ ਚੱਲ ਰਹੀ ਸੁਣਵਾਈ ਦੌਰਾਨ ਅੱਜ ਜੱਜਾਂ ਨੇ ਪੰਜਾਬ ਪੁਲਿਸ ਨਾਲ ਤੁਲਨਾ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਪੁਲਿਸ ਇੱਕ ਨਾਮੀ ਗੈਂਗਸਟਰ ਵਿੱਕੀ ਗੌਂਡਰ ਦਾ ਐਨਕਾਊਂਟਰ ਕਰ ਸਕਦੀ ਹੈ ਤਾਂ ਹਰਿਆਣਾ ਪੁਲਿਸ ਅਦਿੱਤਿਆ ਇੰਸਾ ਵਰਗੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰ ਪਾ ਰਹੀ।

ਹਾਲਾਂਕਿ ਹਰਿਆਣਾ ਪੁਲਿਸ ਵੱਲੋਂ ਪੇਸ਼ ਕੀਤੀ ਸਟੇਟਸ ਰਿਪੋਰਟ ਤੋਂ ਹਾਈਕੋਰਟ ਨਾਖੁਸ਼ ਸੀ। ਅਦਾਲਤ ਨੇ ਕਿਹਾ ਕਿ ਰਿਪੋਰਟ ‘ਚ ਕੁਝ ਵੀ ਇਹੋ ਜਿਹਾ ਨਹੀਂ ਜੋ ਹਰਿਆਣਾ ਪੁਲਿਸ ਦੀ ਪ੍ਰਾਪਤੀ ਦੱਸ ਸਕੇ। ਹਾਈਕੋਰਟ ਨੇ ਵਿੱਕੀ ਗੌਂਡਰ ਦੇ ਐਨਕਾਊਂਟਰ ਨੂੰ ਮਿਸਾਲ ਦੱਸਦੇ ਹੋਏ ਹਰਿਆਣਾ ਦੀ ਪੁਲਿਸ ‘ਤੇ ਸਵਾਲ ਖੜ੍ਹੇ ਕਰ ਦਿੱਤੇ। ਪਿਛਲੀ ਪੇਸ਼ੀ ‘ਤੇ ਹਾਈਕੋਰਟ ਨੇ ਹਰਿਆਣਾ ਪੁਲਿਸ ਨੂੰ ਕਿਹਾ ਸੀ ਕਿ ਪੰਚਕੂਲਾ ‘ਚ ਹੋਏ ਦੰਗਿਆਂ ਦੇ ਮਾਮਲੇ ‘ਚ ਹੁਣ ਤੱਕ ਕਿਉਂ ਨਹੀਂ ਨਾਮਜ਼ਦ ਕੀਤਾ। ਹਾਈਕੋਰਟ ਦੇ ਇਸ ਸਵਾਲ ‘ਤੇ ਹਰਿਆਣਾ ਪੁਲਿਸ ਫਿਰ ਚੁੱਪ ਸੀ।

ਪੰਚਕੂਲਾ ਤੇ ਸਿਰਸਾ ‘ਚ ਬਣਾਈਆਂ ਗਈਆਂ ਟੀਮਾਂ ‘ਚ ਤਾਲਮੇਲ ਨਾ ਹੋਣ ਦੀ ਮਿਸਾਲ ਵਿਪਸਨਾ ਇੰਸਾ ਤੋਂ ਉਜਾਗਰ ਹੋਈ। ਸਿਰਸਾ ਪੁਲਿਸ ਕੋਲ ਵਿਪਸਨਾ ਨੇ ਜਾਂਚ ਜੁਆਇਨ ਕਰ ਲਈ ਸੀ। ਪੁੱਛਗਿੱਛ ਕਰਕੇ ਉਸ ਨੂੰ ਛੱਡ ਦਿੱਤਾ ਜਦਕਿ ਉਹ ਪੰਚਕੂਲਾ ਪੁਲਿਸ ਦੀ ਵਾਂਟੇਡ ਲਿਸਟ ‘ਚ ਹੈ। ਪੰਚਕੂਲਾ ‘ਚ ਹੋਏ ਦੰਗਿਆਂ ਦੇ ਮਾਮਲੇ ‘ਚ ਵਿਪਸਨਾ ਮੁਲਜ਼ਮ ਹੈ। ਇਹ ਸਭ ਜਾਣਨ ਦੇ ਬਾਵਜੂਦ ਸਿਰਸਾ ਪੁਲਿਸ ਢਿੱਲੀ ਰਹੀ।

ਇਹੀ ਢਿੱਲੀ ਮੱਠੀ ਕਾਰਵਾਈ ਨੂੰ ਦੇਖਦੇ ਹੋਏ ਜਸਟਿਸ ਸੂਰੀਆ ਕਾਂਤ ਨੇ ਪੰਜਾਬ ਪੁਲਿਸ ਵੱਲੋਂ ਕੀਤੇ ਵਿੱਕੀ ਗੌਂਡਰ ਦੇ ਐਨਕਾਊਂਟਰ ਦੀ ਮਿਸਾਲ ਦਿੱਤੀ। ਉਨ੍ਹਾਂ ਕਿਹਾ, “ਪੰਜਾਬ ਪੁਲਿਸ ਕੋਲ ਵੀ ਕੋਈ ਸੁਰਾਖ ਨਹੀਂ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਨਾਮੀ ਗੈਂਗਸਟਰ ਨੂੰ ਲੱਭਿਆ ਤੇ ਐਨਕਾਊਂਟਰ ਕੀਤਾ। ਤੁਹਾਡੇ ਕੋਲ ਕੀ ਕਮੀ ਹੈ?”

ਹਾਈਕੋਰਟ ਨੇ ਕਿਹਾ ਕਿ ਆਦਿੱਤਿਆ ਇੰਸਾ ਜੋ ਹੁਣ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਕੀ ਉਹ ਵਿੱਕੀ ਗੌਂਡਰ ਤੋਂ ਵੀ ਵੱਡਾ ਮੁਲਜ਼ਮ ਹੈ? ਵੱਡਾ ਸਵਾਲ ਇਹ ਹੈ ਕਿ ਹੁਣ ਹਰਿਆਣਾ ਸਰਕਾਰ ਜਾਂ ਹਰਿਆਣਾ ਪੁਲਿਸ ਹਾਈਕੋਰਟ ਵੱਲੋਂ ਪਈ ਇਸ ਫਟਕਾਰ ਤੋਂ ਬਾਅਦ ਕੁਝ ਬਦਲਾਅ ਕਰੇਗੀ ਜਾਂ ਫਿਰ ਇਹ ਪੁਲਿਸ ਦੀ ਢਿੱਲੀ ਮੱਠੀ ਕਾਰਵਾਈ ਚਲਦੀ ਰਹੇਗੀ?