ਖ਼ਬਰਾਂ

ਕੈਪਟਨ ਦੇ ਇਲਜ਼ਾਮਾਂ ਦੀ ਟਰੂਡੋ ਕਰਾਉਣਗੇ ਜਾਂਚ!

22 Feb,2018


ਚੰਡੀਗੜ੍ਹ 22 ਫਰਵਰੀ 2018 : “ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਾਰਗੇਟਿੰਗ ਕਿਲਿੰਗ ਮਾਮਲੇ ‘ਚ ਕੈਨੇਡਾ ‘ਚੋਂ ਕੁਝ ਲੋਕਾਂ ਵੱਲੋਂ ‘ਦੋਸ਼ੀਆਂ’ ਨੂੰ ਪੈਸੇ ਦੀ ਮੱਦਦ ਦੇਣ ਦੇ ਮਸਲੇ ‘ਤੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਜਾਂਚ ਦਾ ਭਰੋਸਾ ਦਿੱਤਾ ਹੈ ਤੇ ਬਾਕੀ ਸਭ ਜਾਂਚ ਤੋਂ ਬਾਅਦ ਪਤਾ ਲੱਗੇਗਾ।” ਇਹ ਗੱਲ ਕੈਨੇਡਾ ਦੇ ਬਰੈਂਪਟਨ ਤੋਂ ਪੰਜਾਬ ਦੌਰੇ ‘ਤੇ ਆਏ ਲਿਬਰਲ ਦੇ ਐਮਪੀ ਰਾਜਵਿੰਦਰ ਗਰੇਵਾਲ ਨੇ ਕਹੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਜਮਹੂਰੀ ਮੁਲਕ ਹੈ ਤੇ ਉੱਥੇ ਹਰ ਵਿਅਕਤੀ ਨੂੰ ਖੁੱਲ੍ਹ ਕੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੈ।

ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਕੈਨੇਡਾ ‘ਚ ਐਨਡੀਪੀ ਪਾਰਟੀ ਵੱਲੋਂ ਪੂਰਨ ਸਿੱਖ ਜਗਮੀਤ ਸਿੰਘ ਨੂੰ ਆਪਣਾ ਚਿਹਰਾ ਬਣਾਉਣ ਕਾਰਨ ਹੀ ਟਰੂਡੋ ਨੂੰ ਸਿੱਖ ਵੋਟ ਬੈਂਕ ‘ਤੇ ਡੋਰੇ ਪਾਉਣ ਲਈ ਇੰਨੀ ਮਸ਼ੱਕਤ ਕਰਨੀ ਪੈ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ। ਸਭ ਦੀ ਆਪਣੀ-ਆਪਣੀ ਰਾਜਨੀਤੀ ਹੈ। ਕੈਨੇਡਾ ‘ਚ ਸਿੱਖ, ਮੁਲਸਮਾਨ, ਹਿੰਦੂ ਵਾਲਾ ਮਸਲਾ ਨਹੀਂ ਤੇ ਸਭ ਆਪਣੇ ਹਨ।

ਉਨ੍ਹਾਂ ਕਿਹਾ ਕਿ ਸਾਡੇ ਮੁਤਾਬਕ ਟਰੂਡੋ ਨੂੰ ਭਾਰਤ ‘ਚ ਪੂਰਾ ਸਤਿਕਾਰ ਮਿਲਿਆ ਹੈ ਤੇ ਇਹ ਤਹਾਨੂੰ ਪ੍ਰਧਾਨ ਮੰਤਰੀ ਮੋਦੀ ਤੋਂ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਸਾਨੂੰ ਏਅਰਪੋਰਟ ਤੋਂ ਰਸੀਵ ਕਿਉਂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਾਊਂ ਮੁਲਾਕਾਤ ਦੌਰਾਨ ਹੋਰ ਮਸਲੇ ਵੀ ਅੱਗੇ ਵਧਣਗੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵੀ ਸਾਡਾ ਜ਼ੋਰਦਾਰ ਸਵਾਗਤ ਕੀਤਾ ਹੈ ਤੇ ਅਸੀਂ ਇਸ ਲਈ ਸਾਡੇ ਭਾਈਚਾਰੇ ਤੇ ਸਰਕਾਰ ਦੇ ਧੰਨਵਾਦੀ ਹਾਂ।

ਗਰੇਵਾਲ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਚੰਗੇ ਆਰਥਿਕ ਸਬੰਧ ਬਣ ਰਹੇ ਹਨ ਤੇ ਕੈਨੇਡਾ ਨੇ ਭਾਰਤ ‘ਚ ਵੱਡੇ ਪੱਧਰ ‘ਤੇ ਨਿਵੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੋਵੇਂ ਦੇਸ਼ਾਂ ‘ਚ ਪੀੜ੍ਹੀਆਂ ਦੇ ਰਿਸ਼ਤੇ ਬਣਨਗੇ।