ਖ਼ਬਰਾਂ

ਇੰਦਰਾ ਤੇ ਰਾਜੀਵ ਵਾਲਾ ਰੋਲ ਨਿਭਾਉਣਗੇ ਰਾਹੁਲ ਗਾਂਧੀ

15 Oct,2017


ਨਵੀਂ ਦਿੱਲੀ 15 ਅਕਤੂਬਰ, 2017 : ਕਾਂਗਰਸ ਦੇ ਵੱਡੇ ਲੀਡਰ ਸੁਸ਼ੀਲ ਕੁਮਾਰ ਸ਼ਿੰਦੇ ਨੇ ਪਾਰਟੀ ਦੀ ਕਮਾਂਡ ਰਾਹੁਲ ਗਾਂਧੀ ਹੱਥ ਦੇਣ ਨੂੰ ਸਮੇਂ ਦੀ ਮੰਗ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਲੀਡਰਸ਼ਿਪ ਕਾਬਲੀਅਤ ‘ਤੇ ਕਿਸੇ ਨੂੰ ਸ਼ੱਕ ਨਹੀਂ। ਸ਼ਿੰਦੇ ਨੇ ਇੱਕ ਪ੍ਰੋਗਰਾਮ ‘ਚ ਕਿਹਾ ਵਿਰੋਧੀ ਧਿਰ ਵੱਲੋਂ ਗਾਂਧੀ ਦੀ ਲੀਡਰਸ਼ਿਪ ਕਾਬਲੀਅਤ ‘ਤੇ ਸ਼ੱਕ ਕਰਨਾ ਫਜ਼ੂਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ‘ਚ ਗਾਂਧੀ ਦੀ ਲੀਡਰਸ਼ਿਪ ‘ਤੇ ਸਾਰੇ ਲੀਡਰਾਂ ਨੂੰ ਭਰੋਸਾ ਹੈ।

ਉਨ੍ਹਾਂ ਦਲੀਲ ਦਿੱਤੀ ਕਿ ਬੀਜੇਪੀ ਦੇ ਨੇਤਾ ਪਹਿਲਾਂ ਵੀ ਇੰਦਰਾ ਗਾਂਧੀ ਨੂੰ ‘ਗੁੰਗੀ ਗੁੜੀਆ’ ਕਹਿੰਦੇ ਸਨ। ਬਾਅਦ ਵਿੱਚ ਕਾਂਗਰਸ ਨੂੰ ਅੱਗੇ ਲਿਜਾਉਣ ‘ਤੇ ਉਨ੍ਹਾਂ ਨੂੰ ‘ਆਇਰਨ ਲੇਡੀ’ ਤੇ ‘ਦੁਰਗਾ’ ਕਿਹਾ ਜਾਣ ਲੱਗਾ। ਇਸੇ ਤਰ੍ਹਾਂ ਬੀਜੇਪੀ ਨੇਤਾ ਦੇਸ਼ ਨੂੰ ਤਕਨੀਕੀ ਵਿਕਾਸ ਦੀ ਰਾਹ ‘ਤੇ ਪਾਉਣ ਵਾਲੀ ਰਾਜੀਵ ਗਾਂਧੀ ਸਰਕਾਰ ਦੀਆਂ ਨੀਤੀਆਂ ਦਾ ਮਜ਼ਾਕ ਉਡਾਉਂਦੇ ਸਨ ਪਰ ਉਨ੍ਹਾਂ ਸਦਕਾ ਹੀ ਦੇਸ਼ ‘ਚ ਕੰਪਿਊਟਰ ਕ੍ਰਾਂਤੀ ਹੋਈ।

ਸ਼ਿੰਦੇ ਨੇ ਕਿਹਾ ਕਿ ਇੰਦਰਾ ਤੇ ਰਾਜੀਵ ਗਾਂਧੀ ਵਾਂਗ ਹੀ ਰਾਹੁਲ ਵੀ ਪਾਰਟੀ ਤੇ ਦੇਸ਼ ਦੀ ਲੀਡਰਸ਼ਿਪ ਲਈ ਪੂਰੀ ਤਰ੍ਹਾਂ ਤਿਆਰ ਹਨ। ਪਾਰਟੀ ਦੇ ਸੰਵਿਧਾਨ ਦਾ ਪਾਲਣ ਕਰਦੇ ਹੋਏ ਉਹ ਜਨਤਾ ਦੀਆਂ ਉਮੀਦਾਂ ਨੂੰ ਪੂਰਾ ਕਰਨਗੇ।