ਖ਼ਬਰਾਂ

ਅੰਮ੍ਰਿਤਸਰ ਹਵਾਈ ਅੱਡੇ ਤੋਂ ਫੜਿਆ ਕਰੋੜਾਂ ਦਾ ਸੋਨਾ, ਤਰਨਤਾਰਨ ਦਾ ਜੋੜਾ ਕਾਬੂ

10 Dec,2017


ਅੰਮ੍ਰਿਤਸਰ , 10 ਦਿਸੰਬਰ 2017 : ਬੀਤੇ ਦਿਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਦੁਬਈ ਤੋਂ ਭਾਰਤ ਆਈ ਇੱਕ ਉਡਾਣ ਵਿੱਚੋਂ 15 ਕਿੱਲੋ ਸੋਨਾ ਬਰਾਮਦ ਕੀਤਾ ਹੈ, ਜਿਸ ਦੀ ਕੀਮਤ ਤਕਰੀਬਨ 4.5 ਕਰੋੜ ਰੁਪਏ ਬਣਦੀ ਹੈ। ਜਾਣਕਾਰੀ ਮੁਤਾਬਕ ਇਹ ਸੋਨਾ ਦੁਬਈ ਤੋਂ ਆ ਰਹੀ ਉਡਾਣ ਨੰਬਰ ਆਈ.ਐਕਸ. 192 ਵਿੱਚੋਂ ਬਰਾਮਦ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਪੁਲਿਸ ਨੇ ਤਰਨਤਾਰਨ ਦੇ ਰਹਿਣ ਵਾਲੇ ਪਤੀ-ਪਤਨੀ ਨੂੰ ਹਿਰਾਸਤ ਵਿੱਚ ਲਿਆ ਹੈ। ਤਰਨਜੀਤ ਸਿੰਘ ਤੇ ਸਤਿੰਦਰ ਕੌਰ ਏਅਰ ਇੰਡੀਆ ਦੀ ਫਲਾਈਟ ਰਾਹੀਂ ਦੁਬਈ ਤੋਂ ਅੰਮ੍ਰਿਤਸਰ ਪਹੁੰਚੇ ਸਨ।

ਡਾਇਰੈਕਟੋਰੇਟ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਦੀ ਕੌਮੀ ਟੀਮ ਨੂੰ ਸੋਨੇ ਦੀ ਇਸ ਤਸਕਰੀ ਸਬੰਧੀ ਸੂਚਨਾ ਮਿਲੀ ਸੀ ਤੇ ਉਹ ਸਥਾਨਕ ਟੀਮ ਨੂੰ ਭਰੋਸੇ ਵਿੱਚ ਲੈਣ ਤੋਂ ਬਿਨਾ ਹੀ ਉਕਤ ਜਹਾਜ਼ ਦੇ ਉੱਤਰਨ ਤੋਂ ਪਹਿਲਾਂ ਹਵਾਈ ਅੱਡੇ ‘ਤੇ ਆ ਗਈ ਸੀ।

ਜਿਉਂ ਹੀ ਉਡਾਣ ਉੱਤਰੀ ਅਧਿਕਾਰੀਆਂ ਨੇ ਜਹਾਜ਼ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦਾ ਸ਼ੱਕ ਸਹੀ ਸਾਬਤ ਹੋਇਆ। ਅਧਿਕਾਰੀਆਂ ਨੇ ਜਹਾਜ਼ ਦੀ ਸੀਟ ਨੰਬਰ 21 ਏ ਤੇ 21 ਬੀ ਦੇ ਹੇਠੋਂ 15 ਕਿੱਲੋਂ ਸੋਨਾ ਬਰਾਮਦ ਕੀਤਾ। ਇਸ ਸੋਨੇ ਨੂੰ ਬੜੀ ਚਾਲਾਕੀ ਨਾਲ ਸੀਟ ਦੇ ਹੇਠਾਂ ਲੁਕੋਇਆ ਹੋਇਆ ਸੀ। ਗ੍ਰਿਫਤਾਰ ਕੀਤੇ ਵਿਅਕਤੀਆਂ ਕੋਲੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।