ਖ਼ਬਰਾਂ

ਮਹਿਲਾ ਨੂੰ ਮੋਦੀ ਦੀ 'ਧੰਨਵਾਦ ਰੈਲੀ' 'ਚ ਜਾਣਾ ਪਿਆ ਮਹਿੰਗਾ, ਪਤੀ ਨੇ ਦਿੱਤਾ ਤਲਾਕ

10 Dec,2017


ਲਖਨਊ 10 ਦਿਸੰਬਰ 2017 : ਯੂਪੀ ਦੇ ਬਰੇਲੀ ਵਿੱਚ ਇੱਕ ਔਰਤ ਲਈ ਪ੍ਰਧਾਨ ਮੰਤਰੀ ਮੋਦੀ ਲਈ ਕੱਢੀ ਜਾ ਰਹੀ ਧੰਨਵਾਦ ਰੈਲੀ ਵਿੱਚ ਜਾਣਾ ਉਸ ਦੇ ਦੁਖ ਦਾ ਕਾਰਨ ਬਣ ਗਿਆ ਹੈ। ਰੈਲੀ ਵਿੱਚ ਜਾਣ ਕਾਰਨ ਔਰਤ ਨੂੰ ਉਸ ਦੇ ਪਤੀ ਨੇ ਤਿੰਨ ਤਲਾਕ ਦੇ ਦਿੱਤੇ। ਪੀੜਤਾ ਨੇ ਹੁਣ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਦੀ ਭੈਣ ਫਰਹਤ ਨਕਵੀ ਤੋਂ ਇਨਸਾਫ ਦੀ ਮੰਗ ਕੀਤੀ ਹੈ।

ਪੀੜਤ ਔਰਤ ਦਾ ਨਾਂ ਫਾਯਰਾ ਹੈ। ਦਰਅਸਲ ਫਾਯਰਾ ਦੋ ਦਿਨ ਪਹਿਲਾਂ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਦੀ ਭੈਣ ਫਰਹਤ ਨਕਵੀ ਦੀ ਧੰਨਵਾਦ ਰੈਲੀ ਵਿੱਚ ਸ਼ਾਮਲ ਹੋਈ ਸੀ। ਸਰਦ ਰੁੱਤ ਸੈਸ਼ਨ ਵਿੱਚ ਮੋਦੀ ਸਰਕਾਰ ਤਿੰਨ ਤਲਾਕ ਖਿਲਾਫ ਸਖਤ ਕਾਨੂੰਨ ਲਿਆ ਰਹੀ ਹੈ। ਇਸ ਲਈ ਇਹ ਧੰਨਵਾਦ ਰੈਲੀ ਕੱਢੀ ਗਈ ਸੀ। ਇਸ ਵਿੱਚ ਤਲਾਕ ਪੀੜਤ ਔਰਤਾਂ ਦੇ ਨਾਲ ਮੁਸਲਿਮ ਔਰਤਾਂ ਵੀ ਸ਼ਾਮਲ ਹੋਈਆਂ ਸਨ।

ਫਾਯਰਾ ਰੈਲੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਦ ਆਪਣੇ ਘਰ ਪੁੱਜੀ ਤਾਂ ਪਤੀ ਨੇ ਪੁੱਛਿਆ ਕਿ ਉਹ ਕਿੱਥੇ ਗਈ ਸੀ? ਫਾਯਰਾ ਨੇ ਜਦ ਪਤੀ ਦਾਨਿਸ਼ ਨੂੰ ਦੱਸਿਆ ਕਿ ਉਹ ਪੀਐਮ ਮੋਦੀ ਦੀ ਧੰਨਵਾਦ ਰੈਲੀ ਵਿੱਚ ਗਈ ਸੀ, ਇਸ ਤੋਂ ਨਰਾਜ਼ ਹੋ ਕੇ ਪਤੀ ਨੇ ਉਸ ਨੂੰ ਤਲਾਕ-ਤਲਾਕ-ਤਲਾਕ ਕਹਿ ਕੇ ਇਕ ਮਾਸੂਮ ਬੱਚੀ ਦੇ ਨਾਲ ਘਰੋਂ ਕੱਢ ਦਿੱਤਾ।

ਫਾਯਰਾ ਮੁਤਾਬਕ ਉਸ ਨੇ ਬਰੇਲੀ ਵਿੱਚ ਕਿਲਾ ਦੇ ਰਹਿਣ ਵਾਲੇ ਦਾਨਿਸ਼ ਨਾਲ ਡੇਢ ਸਾਲ ਪਹਿਲਾਂ ਲਵ ਮੈਰਿਜ ਕੀਤੀ ਸੀ। ਵਿਆਹ ਤੋਂ ਬਾਅਦ ਪਤਾ ਚੱਲਿਆ ਕਿ ਦਾਨਿਸ਼ ਦਾ ਆਪਣੀ ਮਾਮੀ ਨਾਲ ਸੰਬੰਧ ਹੈ ਤੇ ਉਸ ਦਾ ਇੱਕ ਮੁੰਡਾ ਵੀ ਹੈ। ਇਸ ਕਾਰਨ ਦੋਹਾਂ ਵਿੱਚ ਕਲੇਸ਼ ਹੋਣ ਲੱਗਾ। ਇਸ ਮਾਮਲੇ ਵਿੱਚ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਦੀ ਭੈਮ ਫਰਹਤ ਨਕਵੀ ਦਾ ਕਹਿਣਾ ਹੈ ਕਿ ਉਹ ਫਾਯਰਾ ਨੂੰ ਇਨਸਾਫ ਦੁਆ ਕੇ ਹੀ ਰਵੇਗੀ।