ਖ਼ਬਰਾਂ

ਬੜਾ ਕੁਝ ਸਪਸ਼ਟ ਕਰ ਗਈ ਗੁਰਦਾਸਪੁਰ ਜ਼ਿਮਨੀ ਚੋਣ

15 Oct,2017


ਚੰਡੀਗੜ੍ਹ 15 ਅਕਤੂਬਰ, 2017 : ਗੁਰਦਾਸਪੁਰ ਜ਼ਿਮਨੀ ਚੋਣ ਦੇ ਨਤੀਜੇ ਨੇ ਬਹੁਤ ਕੁਝ ਸਪਸ਼ਟ ਕਰ ਦਿੱਤਾ ਹੈ। ਪਹਿਲਾ ਇਹ ਕਿ ਅਵਾਮ ਦੇ ਦਿਲ ਵਿੱਚ ਬੀਜੇਪੀ ਪ੍ਰਤੀ ਬੇਹੱਦ ਰੋਹ ਹੈ। ਨੋਟਬੰਦੀ, ਜੀਐਸਟੀ, ਫਿਰਕੂ ਕੁੜੱਤਣ ਤੇ ਅੱਛੇ ਦਿਨਾਂ ਦਾ ਜੁਮਲਾ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ। ਚੋਣ ਦੇ ਨਤੀਜਿਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਅੱਗੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਅਕਾਲੀ-ਦਲ ਬੀਜੇਪੀ ਕੋਈ ਬਹੁਤੀ ਉਮੀਦ ਨਾ ਰੱਖੇ।

ਦੂਜਾ ਇਸ ਚੋਣ ਵਿੱਚ ਸਪਸ਼ਟ ਹੋਇਆ ਹੈ ਕਿ ਕਾਂਗਰਸ ਤੋਂ ਅਜੇ ਵੀ ਲੋਕਾਂ ਨੂੰ ਉਮੀਦ ਹੈ। ਕਾਂਗਰਸ ਨੇ ਚਾਹੇ ਅਜੇ ਤੱਕ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਅਮਲੀ ਜਾਮਾ ਨਹੀਂ ਪਹਿਣਾਇਆ ਪਰ ਲੋਕਾਂ ਅਜੇ ਕਾਂਗਰਸ ਨੂੰ ਮੌਕਾ ਦੇਣਾ ਚਾਹੁੰਦੇ ਹਨ। ਵਿਰੋਧੀ ਧਿਰਾਂ ਨੇ ਕਿਸਾਨ ਦੇ ਕਰਜ਼ੇ ਮਾਫੀ ਦੇ ਮੁੱਦੇ ਨੂੰ ਜ਼ੋਰਸ਼ੋਰ ਨਾਲ ਉਠਾਇਆ ਪਰ ਲੋਕਾਂ ਨੇ ਇਸ ਫਿਲਹਾਲ ਇਸ ਮੁੱਦੇ ‘ਤੇ ਕਾਂਗਰਸ ਨੂੰ ਦੋਸ਼ੀ ਨਹੀਂ ਠਹਿਰਾਇਆ।

ਤੀਜਾ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਅਕਾਲੀ ਦਲ ਦੀ ਸ਼ਾਖ ਹੋਰ ਹੇਠਾਂ ਜਾ ਰਹੀ ਹੈ। ਚੋਣਾਂ ਦੇ ਐਨ ਮੌਕੇ ‘ਤੇ ਸੀਨੀਅਰ ਅਕਾਲੀ ਲੀਡਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ‘ਤੇ ਬਲਾਤਕਾਰ ਦੇ ਇਲਜ਼ਾਮ ਲੱਗਣ ਨਾਲ ਮਾਝੇ ਵਿੱਚ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ਤੋਂ ਵੀ ਵੱਡਾ ਝਟਕਾ ਲੱਗਾ ਹੈ। ਇਸ ਚੋਣ ਵਿੱਚ ਅਕਾਲੀ ਦਲ ਦੇ ਸਭ ਤੋਂ ਵੱਡੇ ਧੰਮ੍ਹ ਪ੍ਰਕਾਸ਼ ਸਿੰਘ ਬਾਦਲ ਦੂਰ ਹੀ ਰਹੇ। ਸਾਰਾ ਚੋਣ ਪ੍ਰਚਾਰ ਸੁਖਬੀਰ ਸਿੰਘ ਬਾਦਲ ਦੀ ਕਮਾਨ ਹੇਠ ਕੀਤਾ ਗਿਆ ਪਰ ਲੋਕਾਂ ਨੂੰ ਸੁਖਬੀਰ ਬਾਦਲ ਨੂੰ ਬੁਰੀ ਤਰ੍ਹਾਂ ਨਾਕਾਰ ਦਿੱਤਾ। ਇਹ ਪਹਿਲੀ ਚੋਣ ਵੱਡੇ ਬਾਦਲ ਤੋਂ ਬਗੈਰ ਲੜੀ ਗਈ ਸੀ।

ਚੌਥਾ, ਆਮ ਆਦਮੀ ਪਾਰਟੀ ਵਿਧਾਨ ‘ਤੇ ਅਜੇ ਲੋਕ ਯਕੀਨ ਕਰਨ ਲਈ ਤਿਆਰ ਨਹੀਂ। ਇੱਕ ਸਾਫ ਸੁਧਰੇ ਅਕਲ ਵਾਲਾ ਉਮੀਦਵਾਰ ਉਤਾਰਨ ਦੇ ਬਾਵਜੂਦ ਪਾਰਟੀ ਨੂੰ ਵੱਡੀ ਨਮੋਸ਼ੀ ਦੀ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਪਾਰਟੀ ਨੂੰ ਅਜੇ ਹੋਰ ਆਤਮ ਮੰਥਨ ਲਈ ਲੋੜ ਹੈ।