Shiv

Shiv Kumar

By:Shiv

ਪਹਾੜਾਂ ਪੈਰ ਸੁੱਤੇ ਇਕ ਗਰਾਂ ਵਿਚ
ਜਨਣ-ਹਾਰੀ ਮੇਰੀ ਪਈ ਜਾਗਦੀ ਹੈ
ਰੁਦਨ ਕਰਦੀ ਨਦੀ ਦੇ ਤੀਰ ਬੈਠੀ
ਪਤੀ ਪਰਦੇਸ ਗਏ ਨੂੰ ਸਹਿਕਦੀ ਹੈ
ਅਪੀੜੇ ਅੱਥਰੂ ਦੀ ਪੀੜ ਪਿੱਛੋਂ
ਉਦਾਸੇ ਬੂਹਿਆਂ ਵੱਲ ਝਾਕਦੀ ਹੈ
ਅਜਨਮੀ ਪੇੜ ਦੇ ਸੰਗ ਮਹਿਕਦੀ ਹੈ

ਅਜਨਮੀ ਪੇੜ ਦੀ ਇਸ ਮਹਿਕ ਛਾਵੇਂ
ਉਹ ਬੈਠੀ ਰੋਜ਼ ਬਿਰਹਾ ਕੱਤਦੀ ਹੈ
ਵਿਛੋੜਾ ਚਾੜ੍ਹ ਛੱਜੀਂ ਛੱਟਦੀ ਹੈ
ਉਹ ਮੱਛੀ ਰੋਜ਼ ਪੋਚਾ ਚੱਟਦੀ ਹੈ
ਕੋਈ ਦੁਖਦਾ ਗੀਤ ਚੱਕੀ ਪੀਸਦੀ ਹੈ
ਕੋਈ ਹਉਕਾ ਰੋਜ਼ ਚੁੱਲ੍ਹੇ ਬਾਲਦੀ ਹੈ
ਨਦੀ ਵਿਚ ਰੋਜ਼ ਤਾਰੇ ਰੋੜ੍ਹਦੀ ਹੈ
ਨਦੀ 'ਚੋਂ ਰੋਜ਼ ਸੂਰਜ ਕੱਢਦੀ ਹੈ
ਅਜਨਮੀ ਪੇੜ ਦਾ ਮੂੰਹ ਕੱਜਦੀ ਹੈ

ਨਦੀ ਦੇ ਨੀਰ ਰੁੜ੍ਹਦੇ ਤਾਰਿਆਂ ਵਿਚ
ਕੋਈ ਇਕ ਦਿਨ ਚੀਕ ਆ ਕੇ ਡੁੱਬਦੀ ਹੈ
ਕੁਆਰਾ ਦਰਦ ਕਿਧਰੇ ਊਂਘਦਾ ਹੈ
ਅਜਨਮੀ ਪੀੜ ਕਿਧਰੇ ਜਨਮਦੀ ਹੈ
ਅਧੂਰਾ ਗੀਤ ਢੋਲਕ ਚੁੰਮਦਾ ਹੈ
ਕੋਈ ਮੈਲ਼ਾ ਸ਼ਬਦ ਪਲਣਾ ਝੂਲਦਾ ਹੈ
ਉਦਾਸੀ ਪੋਤੜੇ ਵਿਚ ਵਿਲਕਦੀ ਹੈ
ਨਦੀ ਦੇ ਤੀਰ ਮੱਛੀ ਲੁੜਛਦੀ ਹੈ

ਜਨਮੀ ਪੀੜ ਦੀ ਸੌ ਪੀੜ ਉਹਲੇ
ਲੱਜਿਤ ਬੋਲ 'ਵਾ ਵਿਚ ਸੁਲਗਦੇ ਨੇ
ਬੋੜ੍ਹਾਂ ਥੀਂ ਤੁਹਮਤ ਬੈਠਦੀ ਹੈ
ਮੇਰੀ ਜਨਣੀ ਦੀ ਮਮਤਾ ਜਾਗਦੀ ਹੈ
ਦੁੱਖ ਦੇ ਬਿਰਛ ਦੇਹ 'ਤੇ ਝੂਲਦੇ ਨੇ
ਕੋਈ ਕੱਚਾ ਨਹੁੰ ਨਹੁੰਦਰ ਮਾਰਦਾ ਹੈ
ਅਸ਼ਬਦੀ ਜੀਭ ਛਾਤੀ ਚੁੰਘਦੀ ਹੈ
ਨਦੀ ਦਾ ਨੀਰ ਮੱਛੀ ਸੁੰਘਦੀ ਹੈ

ਉਦਾਸੇ ਬੂਹਿਆਂ ਦੀ ਵਿਰਲ ਵਿਚੋਂ
ਅੰਞਾਣਾ ਗੀਤ ਬਾਹਰ ਝਾਕਦਾ ਹੈ
ਅਧੂਰਾ ਸ਼ਬਦ ਵਿਹੜੇ ਖੇਡਦਾ ਹੈ
ਤੋਤਲੀ ਜੀਭ ਘਰ ਵਿਚ ਉੱਗਦੀ ਹੈ
ਅਬੋਧੀ ਪੀੜ ਦੰਦੀ ਕੱਢਦੀ ਹੈ
ਨਦੀ ਦਾ ਮੋਹ ਮੱਛੀ ਛੱਡਦੀ ਹੈ

ਨਦੀ ਵਿਚ ਰੋਜ਼ ਸੂਰਜ ਉੱਗਦਾ ਹੈ
ਨਦੀ ਵਿਚ ਰੋਜ਼ ਸੂਰਜ ਡੁੱਬਦਾ ਹੈ
ਅਧੂਰਾ ਗੀਤ ਮਾਂ ਨੂੰ ਚੁਭਦਾ ਹੈ
ਅਧੂਰਾ ਗੀਤ ਸਭ ਨੂੰ ਚੁਭਦਾ ਹੈ
ਅਧੂਰਾ ਗੀਤ ਜੱਗ ਨੂੰ ਚੁਭਦਾ ਹੈ

ਮੇਰੀ ਮਾਂ ਜਨਮ ਮੇਰੇ ਦੀ
ਅਜੇ ਤੱਕ ਮੈਲ ਨਹੀਂ ਨ੍ਹਾਤੀ
ਮੇਰੀ ਕੱਚ-ਸੂਤਕੀ ਦੇਹ ਵਿਚ
ਜਿਔਰੀ ਮਹਿਕ ਹੈ ਬਾਕੀ
ਸਿਤਾਰੇ ਰੋਜ਼ ਚੁੰਘਦੇ ਨੇ
ਮੇਰੀ ਮਾਂ ਦੀ ਨਗਨ ਛਾਤੀ ।

ਮੇਰੀ ਮਾਂ ਤਾਰਿਆਂ ਨੂੰ,
ਜਦ ਕਦੇ ਵੀ ਦੁੱਧ ਚੁੰਘਾਂਦੀ ਹੈ
ਤਾਂ ਉਹਦੇ ਦੁੱਧ ਦੀ
ਕੋਸੀ ਨਦੀ ਵਿਚ ਬਾੜ ਆਉਂਦੀ ਹੈ
ਉਹ ਆਪਣੇ ਤੁਹਮਤਾਏ ਦੁੱਧ ਕੋਲੋਂ
ਤ੍ਰਭਕ ਜਾਂਦੀ ਹੈ
ਤੇ ਮੈਨੂੰ ਤਾਰਿਆਂ ਸੰਗ ਰੋਜ਼
ਨਦੀਏ ਰੋੜ੍ਹ ਆਉਂਦੀ ਹੈ ।

ਮੈਂ ਦੁੱਧ ਦੀ ਨਦੀ ਵਿਚ ਰੁੜ੍ਹਦਾ
ਜਦੋਂ ਵੀ ਬਿਲਬਲਾਉਂਦਾ ਹਾਂ
ਤਾਂ ਬਾੜੀ ਨਦੀ ਦੇ
ਦੋ ਪੱਥਰਾਂ ਵਿਚ ਅਟਕ ਜਾਂਦਾ ਹਾਂ
ਤੇ ਉਨ੍ਹਾਂ ਪੱਥਰਾਂ ਵਿਚਕਾਰ
ਕੋਸੀ ਵਿਰਲ ਹੈ ਜਿਹੜੀ
ਮੈਂ ਓਸੇ ਵਿਰਲ ਵਿਚ
ਛਿੱਥਾ, ਉਦਾਸਾ ਮੁਸਕਰਾਂਦਾ ਹਾਂ
ਤੇ ਲੱਖਾਂ ਤਾਰਿਆਂ ਸੰਗ ਰੋਜ਼
ਨਦੀਏ ਡੁੱਬ ਜਾਂਦਾ ਹਾਂ

ਜਦੋਂ ਦੁੱਧ ਦੀ ਨਦੀ
ਦਿਨ ਚੜ੍ਹਦਿਆਂ ਤੱਕ ਸੁੱਕ ਜਾਂਦੀ ਹੈ
ਤੇ ਗੋਰੀ ਧੁੱਪ ਵਿਚ
ਜਦ ਰੇਤ ਦਾ ਸੁਪਨਾ ਹੰਢਾਂਦੀ ਹੈ
ਮੇਰੀ ਮਾਂ ਨੂੰ ਮੇਰੀ , ਤੇ
ਤਾਰਿਆਂ ਦੀ ਯਾਦ ਆਉਂਦੀ ਹੈ
ਉਹ ਮੋਏ ਤਾਰਿਆਂ ਨੂੰ
ਗਲ 'ਚ ਲੈ ਕੇ ਵਿਲਕ ਪੈਂਦੀ ਹੈ
ਤੇ ਮੇਰੀ ਲਾਸ਼ ਨੂੰ ਉਹ ਰੋਜ਼
ਇਕ ਲੋਰੀ ਸੁਣਾਂਦੀ ਹੈ
ਮੇਰੀ ਕੱਚ-ਸੂਤਕੀ ਦੇਹ ਨੂੰ
ਉਹ ਪਾਟੇ ਸੁਪਨੇ ਪਾਂਦੀ ਹੈ ।

ਜਦੋਂ ਉਹ ਤਾਰਿਆਂ ਦੇ ਪੋਤੜੇ
ਧੋਂਦੀ ਤੇ ਰੋਂਦੀ ਹੈ
ਸਿਉਂਕ, ਚੁੱਪ ਤੇ ਵੀਰਾਨ ਬੂਹੇ
ਆਣ ਢੋਂਦੀ ਹੈ
ਤੇ ਉਨ੍ਹਾਂ ਬੂਹਿਆਂ ਉਹਲੇ
ਉਹ ਮੇਰੀ ਮੈਲ ਨ੍ਹਾਉਂਦੀ ਹੈ
ਤੇ ਬੂਹਿਆਂ ਤੋਂ
ਉਹ ਅੰਬ-ਪੱਤਿਆਂ ਦੇ ਸਿਹਰੇ ਤੋੜ ਦੇਂਦੀ ਹੈ ।

ਜਦ ਜਿਉਂਦਾ ਕੋਈ ਤਾਰਾ
ਦੁੱਧ ਲਈ ਹੁਣ ਜ਼ਿੱਦ ਕਰਦਾ ਹੈ
ਤਾਂ ਦੁੱਧ ਦੀ ਨਦੀ 'ਤੇ
ਰਾਤਾਂ ਨੂੰ ਸੂਰਜ ਆਣ ਚੜ੍ਹਦਾ ਹੈ
ਤੇ ਕਾਲੀ ਧੁੱਪ ਵਿਚ
ਗੋਰੀ ਨਦੀ ਦਾ ਰੂਪ ਸੜਦਾ ਹੈ
ਤੇ ਉਹਨੂੰ ਤਾਰਿਆਂ ਤੋਂ
ਇਕ ਅਨਿਸਚਿਤ ਖ਼ੌਫ਼ ਲਗਦਾ ਹੇ
ਉਹ ਜ਼ਿੱਦੀ ਤਾਰਿਆਂ ਨੂੰ
ਦੁੱਧ ਨਹੀਂ ਹੁਣ ਡਰ ਚੁੰਘਾਂਦੀ ਹੈ
ਤੇ ਮੇਰੇ ਪੋਤੜੇ ਵਿਚ ਰੋਜ਼ ਹੁਣ
ਇਕ ਸੱਪ ਸੁਲਾਂਦੀ ਹੈ ।

ਮੇਰੇ ਹੁਣ ਪੋਤੜੇ ਦਾ ਸੱਪ
ਮੈਨੂੰ ਰੋਜ਼ ਲੜਦਾ ਹੈ
ਤੇ ਮੇਰੀ ਥਾਂ ਮੇਰੀ ਮਾਂ ਦੇ
ਥਣਾਂ ਨੂੰ ਜ਼ਹਿਰ ਚੜ੍ਹਦਾ ਹੈ
ਤੇ ਉਹਨੂੰ ਇੰਜ ਲਗਦਾ ਹੈ
ਕਿ ਤਾਂਬੇ-ਹਾਰ ਉਹਦੇ ਜਿਸਮ 'ਚੋਂ
ਕੁੱਝ ਰੋਜ਼ ਮਰਦਾ ਹੈ
ਤੇ ਉਹਦੇ ਹਸਨ ਦਾ ਤਾਂਬਾ
ਦਿਨੋ ਦਿਨ ਜ਼ੰਗ ਫੜਦਾ ਹੈ ।

ਤੇ ਉਹ ਹੁਣ ਤਾਰਿਆਂ ਨੂੰ
ਜਦ ਵਿਹੁਲੇ ਥਣ ਚੁੰਘਾਂਦੀ ਹੈ
ਥਣਾਂ 'ਚੋਂ ਸੁਪਨਿਆਂ ਦੀ ਧੁੱਪ ਨੂੰ
ਪੁਣ-ਛਾਣ ਲੈਂਦੀ ਹੈ
ਉਹ ਠੰਡੀ ਸੁਪਨ-ਹੀਣੀ ਨੀਂਦ
ਮੇਰੇ ਮੂੰਹ ਛੁਹਾਂਦੀ ਹੈ
ਤੇ ਕਾਲੇ ਦੁੱਧ ਦੀ
ਤਕਦੀਰ ਉੱਤੇ ਮੁਸਕਰਾਂਦੀ ਹੈ ।

ਮੈਂ ਉਸੇ ਸੁਪਨ-ਹੀਣੇ 'ਤੇ
ਸਰਾਪੇ ਦੁੱਧ ਨੂੰ ਚੁੰਘਦਾ
ਉਦਾਸੇ ਘਰ ਦੀ ਜਦ
ਦਹਿਲੀਜ਼ ਟੱਪ ਕੇ ਬਾਹਰ ਜਾਂਦਾ ਹਾਂ
ਮੈਂ ਬੋੜ੍ਹਾਂ ਹੇਠ ਬੈਠੀ ਨਿੰਦਿਆ
ਨਿੱਤ ਘਰ ਲਿਆਉਂਦਾ ਹਾਂ
ਤ੍ਰਿੰਞਣ ਕੱਤਦੀਆਂ ਵੀ
ਮਸ਼ਕਰੀ ਵਿਚ ਮੁਸਕਰਾਉਂਦਾ ਹਾਂ
ਤੇ ਖੂਹੀਂ ਡੁੱਬਦੀਆਂ
ਮੈਂ ਗਾਗਰਾਂ 'ਚੋਂ ਛਲਕ ਜਾਂਦਾ ਹਾਂ ।